ਪੰਜਾਬ ਬਚਾਓ ਯਾਤਰਾ ਨੂੰ ਮਿਲ ਰਿਹਾ ਪੰਜਾਬੀਆ ਦਾ ਭਰਮਾ ਹੁੰਗਾਰਾ
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕੋਈ ਅਜਿਹੀ ਪਾਰਟੀ ਨਹੀਂ ਹੈ ਜੋ ਪੰਜਾਬ ਦੇ ਹਿੱਤਾਂ ਲਈ ਕਾਰਜ ਕਰਨ ਲਈ ਸਹਾਈ ਹੋਵੇ ਕਿਉਂਕਿ ਹੁਣ ਤੱਕ ਪੰਜਾਬ ਨੂੰ ਲੁੱਟਣ ਲਈ ਮੁਗਲਾਂ ਵਾਂਗ ਦਿੱਲੀ ਤੋਂ ਪਾਰਟੀਆਂ ਆਉਂਦੀਆਂ ਰਹੀਆਂ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨਾ ਕਿਹਾ ਕਿ ਪੰਜਾਬ ਦੇ ਦਰਦ ਨੂੰ ਸਮਝਣ ਵਾਲੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਇਕ ਪਾਰਟੀ ਹੈ ਜਿਸ ਨੂੰ ਮਜਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਖੜਨ ਲਈ ਅੱਗੇ ਆਉਣਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਅਥਾਹ ਪਿਆਰ ਅਤੇ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਤੇ ਥਾਂ ਥਾਂ ਤੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੇ ਹੋ ਰਹੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਤੋਂ ਅੱਕੇ ਹੋਏ ਪੰਜਾਬ ਨਿਵਾਸੀ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਆ ਕੇ ਖੜ ਰਹੇ ਹਨ। ਆਗੂਆਂ ਨੇ ਸਿਆਸੀ ਵਿਰੋਧੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਅਕਾਲੀ ਦਲ ਬਚਾਓ ਯਾਤਰਾ ਕਰਾਰ ਦਿੱਤੇ ਜਾਣ ਤੇ ਆਪਣਾ ਪ੍ਰਤੀਕਰਮ ਜਾਹਰ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਬਚੇਗਾ ਤਾਂ ਹੀ ਪੰਜਾਬ ਬਚ ਸਕੇਗਾ, ਕਿਉਂਕਿ ਪੰਜਾਬ ਦਾ ਜੇਕਰ ਕੋਈ ਵਾਲੀ ਵਾਰਸ ਤੇ ਰਾਖਾ ਹੀ ਨਹੀਂ ਹੋਵੇਗਾ ਤਾਂ ਪੰਜਾਬ ਕਿਸ ਤਰਾਂ ਬਚ ਸਕੇਗਾ ?
ਅਕਾਲੀ ਆਗੂਆਂ ਨੇ ਕਿਹਾ ਕਿ ਇਹ ਜਗ ਜਾਹਰ ਹੈ ਕਿ ਪੰਜਾਬ ਨੂੰ ਬਚਾਉਣ ਵਾਲਾ ਪੰਜਾਬ ਦਾ ਰਾਖਾ, ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਤੇ ਪੰਜਾਬ ਦਾ ਦਰਦ ਸਮਝਣ ਵਾਲਾ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਹੈ ਤੇ ਇਹ ਸੱਚ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਬਚੇਗਾ ਤਾਂ ਹੀ ਪੰਜਾਬ ਇਹਨਾਂ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਪਾਰਟੀਆਂ ਤੋਂ ਬਚ ਸਕੇਗਾ।
ਉਹਨਾਂ ਕਿਹਾ ਕਿ ਪੰਜਾਬ ਤੋਂ ਬਾਹਰਲੀਆਂ ਨੈਸ਼ਨਲ ਪਾਰਟੀਆਂ ਦੀ ਸੋਚ ਪੰਜਾਬ ਦੀ ਸੋਚ ਤੋਂ ਕਿਤਾਂ ਦੂਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਕਰਨ ਵਾਲੀ ਪਾਰਟੀ ਸੀ, "ਹੈ" ਅਤੇ ਭਵਿੱਖ ਵਿੱਚ ਸਦਾ ਕਾਇਮ ਰਹੇਗੀ। ਕਿਉਂਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਪਾਰਟੀਆਂ ਦਾ ਰਿਮੋਟ ਕੰਟਰੋਲ ਦਿੱਲੀ ਦੇ ਹੱਥ ਹੁੰਦਾ ਹੈ ਤੇ ਉਥੋਂ ਹੀ ਜੋ ਨਿਰਦੇਸ਼ ਮਿਲਦੇ ਹਨ ਉਸੇ ਤਰ੍ਹਾਂ ਇਹ ਪਾਰਟੀਆਂ ਪੰਜਾਬ ਦੇ ਹੱਕਾਂ ਨੂੰ ਦਰਕਿਨਾਰ ਕਰਦੀਆਂ ਹੋਈਆਂ ਕੰਮ ਕਰਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਸ਼੍ਰੋਮਣੀ ਅਕਾਲੀ ਦਲ ਜਿਲਾ ਫਤਿਹਗੜ੍ਹ ਸਾਹਿਬ ਦੇ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮਕਾਰੋਂਪੁਰ, ਐਡਵੋਕੇਟ ਜਸਪ੍ਰੀਤ ਸਿੰਘ ਝਬਾਲੀ, ਸੁਖਵਿੰਦਰ ਸਿੰਘ ਘਮੰਡਗੜ੍ਹ, ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋ ਅਤੇ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ।